Sunday 20 June 2010

ਸਾਡੇ ਹਿੱਸੇ ਦਾ ਪੀੜ੍ਹੀ-ਪਾੜਾ

ਜਦੋਂ ਕੋਈ ਰਚਨਾ ਛਪਦੀ ਹੈ ਤਾਂ ਦੋਸਤਾਂ ਵਲੋਂ ਉਸ ਬਾਰੇ ਪ੍ਰਤੀਕ੍ਰਮ ਆਉਣੇ ਸ਼ੁਰੂ ਹੋ ਜਾਂਦੇ ਹਨ। ਕਿਸੇ ਨੂੰ ਪਸੰਦ ਹੁੰਦੀ ਹੈ ਤੇ ਕਿਸੇ ਨੂੰ ਨਹੀਂ ਪਰ ਇਕ ਕਿਸਮ ਦਾ ਇਹ ਹੁੰਘਾਰਾ ਵੀ ਮਿਲਦਾ ਹੈ ਕਿ ਇਸ ਵਿਚ ਆਹ ਕੁਝ ਕਿਉਂ ਨਹੀਂ ਹੈ। ਇਥੋਂ ਛਪਦੇ ਪੇਪਰ 'ਦੇਸ ਪਰਦੇਸ' ਵਿਚ ਮੇਰਾ ਨਵਾਂ ਨਾਵਲ 'ਬੀ.ਬੀ.{ਸੀ.}ਡੀ.' ਜੋ ਕਿ 'ਸਾਊਥਾਲ' ਦਾ ਸੀਕੂਅਲ ਹੀ ਹੈ, ਲਗਾਤਾਰ ਛਪ ਰਿਹਾ ਹੈ। ਇਸ ਦੇ ਬਹੁਤੇ ਪਾਤਰ ਇਥੇ ਜੰਮੀ ਪੀੜ੍ਹੀ ਵਿਚੋਂ ਹਨ ਇਸ ਲਈ ਦੋਸਤਾਂ ਵਲੋਂ ਕਈ ਕਿਸਮ ਦੇ ਸਵਾਲ ਉਠਾਏ ਜਾ ਰਹੇ ਹਨ। ਮੈਂ ਅਕਸਰ ਕਿਹਾ ਕਰਦਾ ਹਾਂ ਕਿ ਸਾਡੇ ਇਥੇ ਦੇ ਜੰਮੇ ਬੱਚਿਆਂ ਨੂੰ ਬਹੁਤ ਹੀ ਅੰਡਰਐਸਟੀਮੇਟ ਕੀਤਾ ਜਾ ਰਿਹਾ ਹੈ। ਸਾਡੇ ਇਸ ਪੀੜ੍ਹੀ-ਪਾੜੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਨਵੇਂ ਨਾਵਲ ਵਿਚ ਇਹ ਮਸਲਾ ਬਿਲਕੁਲ ਨਹੀਂ ਹੈ। ਉਸ ਵਿਚ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸਾਰੇ ਭਾਰਤੀ ਲੋਕਾਂ ਨੂੰ ਸਾਡੇ ਬੱਚਿਆਂ ਦੇ ਬ੍ਰਿਟਿਸ਼ ਹੋਣ ਵਾਲੀ ਗੱਲ ਸਮਝ ਨਹੀਂ ਆ ਰਹੀ। ਇਸੇ ਗੱਲ ਨੂੰ ਜ਼ਹਿਨ ਵਿਚ ਰੱਖਦਿਆਂ ਕਈ ਵਾਰ ਪੱਬਾਂ ਵਿਚ ਇਥੋਂ ਦੇ ਜੰਮੇ ਤੇ ਨਵੇਂ ਆਏ ਮੁੰਡੇ ਆਪਸ ਵਿਚ ਲੜ ਵੀ ਪੈਂਦੇ ਹਨ। ਇਹ ਸੱਚ ਹੈ ਕਿ ਪਿੱਛੇ ਭਾਰਤ ਵਿਚ ਵਸਦੇ ਲੋਕਾਂ ਦੇ ਸਾਡੇ ਬੱਚਿਆਂ ਬਾਰੇ ਵਿਚਾਰ ਵਧੀਆ ਨਹੀਂ ਹਨ। ਛੁੱਟੀਆਂ ਕੱਟਣ ਆਈ ਮੇਰੀ ਇਕ ਰਿਸ਼ਤੇਦਾਰ ਔਰਤ ਨੇ ਤਾਂ ਇਥੋਂ ਤੱਕ ਕਹਿ ਦਿਤਾ ਕਿ ਇੰਡੀਆ ਦੇ ਮੁੰਡੇ ਕੁੜੀਆਂ ਸਿਰਫ ਇੰਗਲੈਂਡ ਦੀ ਖ਼ਾਤਰ ਸਾਡੇ ਜੁਆਕਾਂ ਨਾਲ ਵਿਆਹ ਕਰਾ ਰਹੇ ਹਨ ਵਰਨਾ ਇਹਨਾਂ ਵਿਚ ਕੋਈ ਗੁਣ ਨਹੀਂ। ਜਿਸ ਗੱਲ ਦੀ ਮੈਨੂੰ ਕੁਝ ਕੁ ਤਕਲੀਫ ਹੋਈ ਉਹ ਇਹ ਹੈ ਕਿ ਹੁਣੇ ਜਿਹੇ ਇੰਡੀਆ ਤੋਂ ਆਏ ਮੇਰੇ ਇਕ ਮਿੱਤਰ ਨੇ ਮੈਨੂੰ ਕਿਹਾ ਕਿ ਇਹ ਨਾਵਲ ਦਾ ਮਸਲਾ ਬਣਦਾ ਹੀ ਨਹੀਂ, ਭਾਵ ਕਿ ਨਵੀਂ ਪੀੜ੍ਹੀ ਨੂੰ ਕੋਈ ਮਸਲਾ ਦਰਪੇਸ਼ ਹੈ ਹੀ ਨਹੀਂ ਜਾਂ ਨਵੀਂ ਪੀੜ੍ਹੀ ਗੌਲਣਯੋਗ ਹੈ ਹੀ ਨਹੀਂ, ਇਹ ਪੀੜ੍ਹੀ ਇਸ ਸਮਾਜ ਵਿਚ ਸਾਡੀ ਪ੍ਰਤੀਨਿਧਤਾ ਕਰ ਹੀ ਨਹੀਂ ਰਹੀ। ਮੈਂ ਉਸ ਨੂੰ ਕਿਹਾ ਵੀ ਕਿ ਦਸ ਦਿਨ ਛੁੱਟੀਆਂ ਕੱਟ ਕੇ ਜ਼ਿੰਦਗੀ ਭਰ ਦਾ ਨਿਚੋੜ ਨਾ ਕੱਢੀ ਜਾਵੋ ਪਰ ਉਹ ਮੇਰੀ ਕਿਸੇ ਦਲੀਲ ਨੂੰ ਅਣਗੌਲ ਕੇ ਆਪਣਾ ਸਫਰਨਾਮਾ ਲਿਖਣ ਬੈਠ ਚੁੱਕਾ ਸੀ। ਭਾਰਤ ਵਸਦੇ ਲੋਕਾਂ ਨਾਲ ਤਾਂ ਸਾਡੇ ਇਸ ਅਪਣਾਏ ਸਮਾਜ ਦਾ ਫਰਕ ਹੋਵੇਗਾ ਇਸ ਲਈ ਕੋਈ ਗੱਲ ਸਮਝ ਨਾ ਲਗਦੀ ਹੋਵੇਗੀ ਪਰ ਇਥੇ ਵਸਦੇ, ਇਸੇ ਪੀੜ੍ਹੀ ਦੇ ਮਾਂਪੇ ਵੀ ਕਈ ਵਾਰ ਇਹਨਾਂ ਨੂੰ ਸਮਝਣ ਦੀ ਖਤਾ ਖਾ ਬੈਠਦੇ ਹਨ। ਮੇਰੇ ਪਿਛਲੇ ਨਾਵਲ 'ਸਾਊਥਾਲ' ਵਿਚ ਮੈਂ ਇਸ ਸੋਚ 'ਤੇ ਵਾਰ ਕੀਤਾ ਵੀ ਸੀ ਜਿਸ ਨਾਲ ਮੈਨੂੰ ਕਈ ਦੋਸਤ ਵੀ ਗਵਾਉਣੇ ਪਏ ਸਨ। ਕਿਸੇ ਸਮੇਂ ਇਸ ਮੁਲਕ ਵਿਚ ਇੰਡੀਅਨ ਵਰਕਰ ਅਸੌਸੀਏਸ਼ਨ ਨਾਂ ਦੀ ਸੰਸਥਾ ਬਣੀ ਹੋਈ ਸੀ ਜਿਸ ਦਾ ਬਹੁਤ ਬੋਲ-ਬਾਲਾ ਸੀ, ਜਿਸ ਨੇ ਏਸ਼ੀਅਨ ਲੋਕਾਂ ਦੇ ਬਰਾਬਰ ਦੇ ਹੱਕਾਂ ਲਈ ਲੜਾਈਆਂ ਲੜੀਆਂ ਸਨ। ਉਸ ਸੰਸਥਾ ਨੇ ਆਪਣਾ ਰੋਲ ਨਿਭਾਇਆ ਤੇ ਸਮਾਂ ਪਾ ਕੇ ਉਸ ਦੀ ਮਹੱਤਤਾ ਬਹੁਤ ਘਟ ਗਈ। ਕੁਝ ਸਮਾਂ ਪਹਿਲਾਂ, ਨਾਵਲ 'ਸਾਊਥਾਲ' ਲਿਖਣ ਤੋਂ ਪਹਿਲਾਂ ਕੁਝ ਬੰਦੇ ਫਿਰ ਤੋਂ ਇੰਡੀਅਨ ਵਰਕਰ ਅਸੌਸੀਏਸ਼ਨ ਨੂੰ ਮੁੜ ਕੇ ਸੁਰਜੀਤ ਕਰਨ ਵਿਚ ਸਰਗਰਮ ਹੋ ਗਏ, ਉਹਨਾਂ ਦਾ ਨਾਹਰਾ ਸੀ ਕਿ ਇਸ ਵਿਚ ਇਥੋਂ ਦੀ ਜੰਮੀ ਪੀੜ੍ਹੀ ਨੂੰ ਭਰਤੀ ਕੀਤਾ ਜਾਵੇਗਾ। ਮੇਰੀ ਦਲੀਲ ਸੀ ਕਿ ਇਥੋਂ ਦੀ ਜੰਮੀ ਪੀੜ੍ਹੀ ਇੰਡੀਅਨ ਹੈ ਹੀ ਨਹੀਂ ਫਿਰ ਕੈਸੀ 'ਇੰਡੀਅਨ ਵਰਕਰ ਅਸੌਸੀਏਸ਼ਨ'? ਇਸ ਪੀੜ੍ਹੀ ਲਈ ਕਿਸੇ ਨਵੀਂ ਅਸੌਸੀਏਸ਼ਨ ਦੀ ਲੋੜ ਹੋ ਸਕਦੀ ਹੈ ਜੋ ਇਹ ਆਪ ਬਣਾ ਸਕਦੇ ਹਨ। ਬਸ ਇਹੋ ਗੱਲ ਦੋਸਤਾਂ ਨੂੰ ਪਸੰਦ ਨਹੀਂ ਆਈ। ਗੱਲ ਅਸਲ ਵਿਚ ਗੱਲ ਪੀੜ੍ਹੀ-ਪਾੜੇ ਦੀ ਹੋ ਰਹੀ ਸੀ। ਜਿਹੜਾ ਪੀੜ੍ਹੀ-ਪਾੜਾ ਸਾਡਾ ਆਪਣੇ ਮਾਂਪਿਆਂ ਨਾਲ ਸੀ ਉਹ ਏਡਾ ਵੱਡਾ ਨਹੀਂ ਸੀ ਜਿਡਾ ਹੁਣ ਸਾਡਾ ਇਸ ਪੀੜ੍ਹੀ ਨਾਲ ਹੈ। ਕਾਰਨ ਇਹ ਹੈ ਕਿ ਵਕਤ ਨੇ ਤਕਨੀਕੀ ਤੌਰ 'ਤੇ ਬਹੁਤ ਹੀ ਵੱਡੀ ਛਾਲ਼ ਮਾਰ ਲਈ ਹੈ। ਸਾਡੀ ਇਹ ਪੀੜ੍ਹੀ ਸਾਡੇ ਤੋਂ ਬਹੁਤ ਅਗੇ ਨਿਕਲ ਗਈ ਹੈ। ਪਹਿਲੀ ਪੀੜ੍ਹੀ ਅਗਲੀ ਨੂੰ ਕੁਝ ਨਾ ਕੁਝ ਸਿਖਾਇਆ ਕਰਦੀ ਹੈ ਪਰ ਅਸੀਂ ਆਪਣੀ ਨਵੀਂ ਪੀੜ੍ਹੀ ਤੋਂ ਸਿਖ ਰਹੇ ਹਾਂ। ਜਿਹੜੇ ਇਸ ਗੱਲ ਤੋਂ ਮੁਨਕਰ ਹੋਣਗੇ ਉਹਨਾਂ ਦੀ ਜ਼ਰੂਰ ਕੋਈ ਸਮੱਸਿਆ ਹੋਵੇਗੀ। ਪਿੱਛੇ ਜਿਹੇ ਮੇਰਾ ਬਿਜ਼ੁਰਗ ਦੋਸਤ ਬਲਰਾਜ ਚੀਮਾ ਟਰੰਟੋ ਤੋਂ ਮਿਲਣ ਆਇਆ ਤਾਂ ਹੈਰਾਨ ਹੁੰਦਾ ਕਹਿਣ ਲਗਿਆ ਕਿ ਮੈਂ ਕੰਪਿਊਟਰ ਬਾਰੇ ਏਨਾ ਕਿਵੇਂ ਜਾਣਦਾ ਹਾਂ ਤਾਂ ਮੈਂ ਖੁਸ਼ੀ ਖੁਸ਼ੀ ਦੱਸਿਆ ਕਿ ਮੇਰੇ ਕੋਲ ਤਿੰਨ ਟੀਚਰ ਹਨ।

Tuesday 15 June 2010

ਲਿਖਦੇ ਸਮੇਂ

ਲਿਖਦੇ ਸਮੇਂ ਬਹੁਤ ਕੁਝ ਵਾਪਰਦਾ ਹੈ ਤੇ ਬਹੁਤ ਕੁਝ ਨਹੀਂ ਵੀ ਵਾਪਰਦਾ ਤੇ ਲੇਖਕ ਵਪਰਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਜਿਹੜੀ ਕੋਈ ਕੋਸ਼ਿਸ਼ ਲੇਖਕ ਕਰਦਾ ਹੈ ਉਹ ਉੁਸ ਦੇ ਅੰਦਰ ਵਾਪਰ ਚੁੱਕਾ ਹੁੰਦਾ ਹੈ ਭਾਵੇਂ ਬਾਹਰੋਂ ਕਿਸੇ ਨੇ ਦੇਖਿਆ ਨਹੀਂ ਹੁੰਦਾ। ਪਿੱਛੇ ਜਿਹੇ ਅਸੀਂ ਦੋਸਤ ਗੱਲਾਂ ਕਰਦੇ ਕਰਦੇ ਇਥੇ ਆ ਕੇ ਉਲਝ ਗਏ ਕਿ ਕੀ ਅਸੀਂ ਨਿਰੋਲ ਕਲਪਨਾ ਨਾਲ ਕੁਝ ਸਿਰਜ ਸਕਦੇ ਹਾਂ। ਕਿਉਂਕਿ ਸਾਹਿਤ ਦਾ ਸਬੰਧ ਜ਼ਿੰਦਗੀ ਨਾਲ ਹੁੰਦਾ ਹੈ ਤੇ ਜੋ ਅਸੀਂ ਲਿਖਦੇ ਹਾਂ ਇਹ ਕਿਤਿਓਂ ਨਾ ਕਿਤਿਓਂ ਆਇਆ ਹੁੰਦਾ ਹੈ। ਇਹ ਜੋ ਸਾਇੰਸ ਫਿਕਸ਼ਨ ਦਾ ਸਾਹਿਤ ਹੈ ਜਿਸ ਦੇ ਵਾਪਰਨ ਦੀ ਸੰਭਾਵਨਾ ਹੋ ਸਕਦੀ ਹੈ ਇਸ ਦੀ ਵਖਰੀ ਕੈਟਾਗਰੀ ਹੈ ਤੇ ਇਹ ਜੋ ਭੂਤਾਂ ਪਰੇਤਾਂ ਬਾਰੇ ਲਿਖੀ ਗਈ ਫਿਕਸ਼ਨ ਹੈ ਜਿਸ ਦਾ ਸਬੰਧ ਕੁਝ ਵਹਿਮੀ ਮਨਾਂ ਨਾਲ ਹੈ ਇਸ ਦੀ ਵੀ ਹੋਰ ਹੀ ਕੈਟਾਗਰੀ ਹੈ, ਅਸੀਂ ਇਸ ਬਾਰੇ ਹਰਗਿਜ਼ ਗੱਲਾਂ ਨਹੀਂ ਸਾਂ ਕਰ ਰਹੇ। ਸਾਡਾ ਮਤਲਬ ਜੀਵਨ ਦੇ ਸੱਚ ਤੋਂ ਸੀ। ਕੋਈ ਕਹਿ ਰਿਹਾ ਸੀ ਕਿ ਸ਼ੂਨਯ ਵਿਚੋਂ ਕੁਝ ਨਹੀਂ ਆਉਂਦਾ, ਭਾਵ ਕਿਤੇ ਕੁਝ ਹੋਵੇਗਾ ਤੇ ਆਵੇਗਾ। ਜੇ ਕੁਝ ਵਾਪਿਰਆ ਹੀ ਨਹੀਂ ਤਾਂ ਕੋਈ ਕਿਵੇਂ ਲਿਖ ਸਕਦਾ ਹੈ। ਅਜਿਹਾ ਹੀ ਇਕ ਸਵਾਲ ਮੈਨੂੰ ਇਕ ਇੰਟਰਵਿਊ ਵਿਚ ਪੁੱਛਿਆ ਗਿਆ ਸੀ ਕਿ ਕੀ ਕਦੇ ਮੈਂ ਨਿਰੋਲ ਕਲਪਨਾ ਨਾਲ ਕੁਝ ਲਿਖਿਆ ਹੈ ਤੇ ਮੈਂ ਕਹਿ ਦਿਤਾ ਸੀ ਕਿ ਹਾਂ, ਮੇਰੀ ਕਹਾਣੀ 'ਰਾਵਣ' ਬਿਲਕੁਲ ਨਿਰੋਲ ਕਲਪਨਾ ਦੀ ਉਪਜ ਹੈ। ਇਵੇਂ ਹੀ ਕੁਝ ਹੋਰ ਕਹਾਣੀਆਂ ਵੀ ਹਨ। 'ਰਾਵਣ' ਕਹਾਣੀ ਮੈਂ ਦਸ ਪੰਦਰਾਂ ਸਾਲ ਪਹਿਲਾਂ ਲਿਖੀ ਸੀ। ਇਸ ਵਿਚ ਇਕ ਰਾਮ ਸੀ, ਇਕ ਸੀਤਾ ਤੇ ਇਕ ਦੋਸਤ। ਇਸੇ ਦੋਸਤ ਨੂੰ ਮੇਰੀ ਕਹਾਣੀ ਦੀ ਕਿਰਦਾਰ ਸੀਤਾ ਰਾਵਣ ਕਹਿੰਦੀ ਹੈ। ਇਕ ਦਿਨ ਰਾਮ ਤੇ ਸੀਤਾ ਦੀ ਕਿਸੇ ਗੱਲੋਂ ਅਣਬਣ ਹੋ ਜਾਂਦੀ ਹੈ ਤੇ ਗੁੱਸੇ ਦੀ ਭਰੀ ਸੀਤਾ ਆਰਜ਼ੀ ਤੌਰ 'ਤੇ ਦੋਸਤ ਦੀ ਪਨਾਹ ਵਿਚ ਆ ਜਾਂਦੀ ਹੈ। ਸਥਿਤੀ ਅਜਿਹੀ ਉਪਜਦੀ ਹੈ ਕਿ ਦੋਸਤ ਇਕੱਲਾ ਹੈ। ਮੌਕਾ ਦੇਖ ਕੇ ਦੋਸਤ ਸੀਤਾ ਦੇ ਕਮਰੇ ਵਿਚ ਆ ਵੜਦਾ ਹੈ। ਸੀਤਾ ਦੋਸਤ ਨੂੰ ਵਰਜਦੀ ਹੈ ਤੇ ਤਾਹਨਾ ਦਿੰਦੀ ਹੈ ਕਿ ਦੋਸਤ ਉਸ ਦੀ ਮਜਬੂਰੀ ਦਾ ਫਾਇਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਹਨੇ ਨਾਲ ਦੋਸਤ ਦੀ ਅਣਖ ਜਾਗਦੀ ਹੈ ਤੇ ਉਹ ਸੀਤਾ ਨੂੰ ਇਕੱਲਿਆਂ ਛੱਡ ਦਿੰਦਾ ਹੈ। ਰਾਮ ਸੀਤਾ ਦੇ ਸਬੰਧ ਮੁੜ ਬਹਾਲ ਹੋ ਜਾਂਦੇ ਹਨ। ਹੁਣ ਸੀਤਾ ਦੋਸਤ ਨੂੰ ਰਾਵਣ ਕਹਿ ਕਿ ਛੇੜਨ ਲਗਦੀ ਹੈ। ਦੋਸਤ ਆਖਦਾ ਹੈ ਕਿ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ, ਮੈਂ ਰਾਵਣ ਕਿਵੇਂ ਹੋ ਗਿਆ ਤਾਂ ਸੀਤਾ ਦਸਣ ਲਗਦੀ ਹੈ ਕਿ ਰਾਵਣ ਨੇ ਵੀ ਤਾਂ ਸੀਤਾ ਮਾਤਾ ਨੂੰ ਕੁਝ ਨਹੀਂ ਸੀ ਕਿਹਾ। ਇਸ ਕਹਾਣੀ ਨੂੰ ਉਸ ਸਮੇਂ ਬਹੁਤ ਪਸੰਦ ਕੀਤਾ ਗਿਆ ਸੀ। ਇਹ ਕਹਾਣੀ ਮੈਂ ਨਿਰੋਲ ਕਲਪਣਾ ਵਿਚੋਂ ਲਿਖੀ ਸੀ। ਮੇਰੇ ਆਲੇ ਦੁਆਲੇ ਰਾਵਣ ਵਰਗਾ ਕੋਈ ਕਿਰਦਾਰ ਨਹੀਂ ਸੀ। ਹੁਣ ਜਦੋਂ ਸਾਡੀ ਇਸ ਗੱਲ 'ਤੇ ਬਹਿਸ ਚਲ ਰਹੀ ਸੀ ਕਿ ਨੱਥਿੰਗ ਕਮਜ਼ ਫਰੌਮ ਨੋ ਵੇਅਰ ਤਾਂ ਮੈਂ ਇਸ ਦਲੀਲ ਤੋਂ ਮੁਤਾਸਰ ਵੀ ਹੋਣ ਲਗਿਆ ਤਾਂ ਮੈਨੂੰ ਆਪਣੀ ਕਹਾਣੀ 'ਰਾਵਣ' ਦੀ ਯਾਦ ਆਉਣ ਲਗੀ ਜਿਸ ਬਾਰੇ ਮੈਂ ਕਿਹਾ ਕਰਦਾ ਸਾਂ ਕਿ ਇਹ ਨਿਰੋਲ ਕਲਪਣਾ ਵਿਚੋਂ ਆਈ ਹੈ। ਮੈਂ ਇਹਦੇ ਬਾਰੇ ਸੋਚਣ ਲਗਿਆ। ਪੁਰਾਣੀ ਕਹਾਣੀ ਸੀ ਇਸ ਯਾਦਾਂ ਦੀਆਂ ਗਲ਼ੀਆਂ ਵਿਚ ਦੀ ਗੁਜ਼ਰਨਾ ਪੈਣਾ ਸੀ। ਮੈਨੂੰ ਅਚਾਨਕ ਚੇਤੇ ਆਇਆ ਕਿ ਉਹਨਾਂ ਦਿਨਾਂ ਵਿਚ ਇਕ ਜੋੜਾ ਮੇਰਾ ਦੋਸਤ ਹੋਇਆ ਕਰਦਾ ਸੀ ਜੋ ਅਕਸਰ ਆਪਸ ਵਿਚ ਝਗੜਦਾ ਰਹਿੰਦਾ ਸੀ। ਅਚਾਨਕ ਮਹਿਸੂਸ ਹੋਇਆ ਕਿ ਇਹ ਕਹਾਣੀ ਤਾਂ ਮੇਰੇ ਮਨ ਵਿਚ ਬਹੁਤ ਵਾਰ ਵਾਪਰ ਚੁੱਕੀ ਸੀ। ਉਹ ਜੋੜਾ ਰਾਮ-ਸੀਤਾ ਸੀ ਤੇ ਮੈਂ ਰਾਵਣ।