Sunday 25 July 2010

ਲੇਖਕ ਤੇ ਸਮਾਜ

ਪਝੱਤਰ ਸਾਲ ਪਹਿਲਾਂ ਪ੍ਰਗਤੀਸ਼ੀਲ ਲਿਖਾਰੀ ਸਭਾ ਹੋਂਦ ਵਿਚ ਆਈ ਸੀ। ਹਿੰਦੁਸਤਾਨ ਦੇ ਬਹੁਤ ਸਾਰੇ ਲੇਖਕ ਇਸ ਨਾਲ ਜੁੜੇ। ਇਹ ਸਭਾ ਬਹੁਤ ਦੇਰ ਤਕ ਕੰਮ ਵੀ ਕਰਦੀ ਰਹੀ। ਬ੍ਰਤਾਨੀਆਂ ਵਿਚ ਵੀ ਅਜ ਤੋਂ ਚਾਲੀ ਸਾਲ ਪਹਿਲਾਂ ਇਸੇ ਨਾਂ ਦੀ ਸਭਾ ਹੋਂਦ ਵਿਚ ਆਈ। ਮੌਕਾ ਮੇਲ ਇਹ ਕਿ ਇਸ ਪਹਿਲੀ ਭਾਰਤੀ ਕੌਮਾਂਤਰੀ ਪ੍ਰਗਤੀਸ਼ੀਲ ਲੇਖਕ ਸਭਾ ਦੀ ਨੀਂਹ ਵੀ ਇਥੇ ਹੀ ਰੱਖੀ ਗਈ ਸੀ। ਬਹੁਤ ਸਾਰੇ ਸ਼ਹਿਰਾਂ ਵਿਚ ਇਸ ਦੀਆਂ ਬਰਾਂਚਾਂ ਬਣਾਈਆਂ ਗਈਆਂ। ਫਿਰ ਅੱਡੋਫਾਟ ਹੋ ਕੇ ਇਕੋ ਸ਼ਹਿਰ ਵਿਚ ਇਸ ਦੀਆਂ ਇਕ ਤੋਂ ਵਧ ਬਰਾਂਚਾਂ ਵੀ ਬਣੀਆਂ। ਕੁਝ ਵੀ ਹੋਵੇ ਬ੍ਰਤਾਨਵੀ ਪ੍ਰਗਤੀਸ਼ੀਲ ਲੇਖਕ ਸਭਾ ਨੇ ਬਹੁਤ ਦੇਰ ਇਸ ਮੁਲਕ ਵਿਚਲੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਕੰਮ ਕੀਤਾ ਹੈ ਤੇ ਸ਼ਲਾਘਾਯੋਗ ਕੰਮ ਕੀਤਾ ਹੈ। ਵਕਤ ਨਾਲ ਸਭ ਕੁਝ ਬਦਲਦਾ ਹੈ। ਕੁਝ ਵੀ ਸਥਾਈ ਨਹੀਂ ਹੈ। ਬ੍ਰਤਾਨਵੀ ਪੰਜਾਬੀ ਲੇਖਕ ਸਭਾ ਵਿਚ ਵੀ ਬਹੁਤ ਕਿਸਮ ਦੀਆਂ ਤਬਦੀਲੀਆਂ ਆਉਣੀਆਂ ਕੁਦਰਤੀ ਸਨ। ਕਈ ਸ਼ਹਿਰਾਂ ਵਿਚ ਇਸ ਸਭਾ ਦੇ ਦਫਤਰ ਬੰਦ ਹੋ ਗਏ। ਨਵੀਆਂ ਸਭਾਵਾਂ ਵੀ ਹੋਂਦ ਵਿਚ ਆਉਣ ਲਗੀਆਂ। ਇਕ ਸਮਾਂ ਇਹ ਵੀ ਆਇਆ ਕਿ ਲੋਕ ਕਹਿਣ ਲਗ ਪਏ ਕਿ 'ਪ੍ਰਗਤੀਸ਼ੀਲ' ਸ਼ਬਦ ਫੋਬੀਏ ਤੋਂ ਵਧ ਕੁਝ ਨਹੀਂ। ਮੈਂ ਜਦੋਂ ਦਾ ਇਸ ਮੁਲਕ ਵਿਚ ਆਇਆ ਹਾਂ, ਸਾਹਿਤ ਨਾਲ ਜੁੜਿਆ ਹੋਇਆ ਹਾਂ ਤੇ ਸਾਹਿਤ ਸਭਾਵਾਂ ਨਾਲ ਵੀ। ਸਾਊਥਾਲ ਦੀ ਪ੍ਰਗਤੀਸ਼ੀਲ ਲਿਖਾਰੀ ਸਭਾ ਦਾ ਮੈਂਬਰ ਵੀ ਰਿਹਾ ਹਾਂ ਪਰ ਜੋ ਡਰਾਮੇਬਾਜ਼ੀ ਇਸ ਸਭਾ ਵਿਚ ਦੇਖੀ ਹੈ ਉਸ ਤੋਂ ਮੈਨੂੰ ਕਿਧਰੇ ਨਹੀਂ ਦਿਸਿਆ ਕਿ ਉਸ ਸਭਾ ਵਿਚ ਪ੍ਰਗਤੀਸ਼ੀਲ ਹੋਣ ਵਾਲੀ ਕੋਈ ਗੱਲ ਹੋਵੇਗੀ। ਮੈਂ ਸਾਊਥਾਲ ਤੋਂ ਸਦਾ ਬਾਹਰ ਹੀ ਰਿਹਾ ਹਾਂ। ਜਦ ਮੈਂ ਇਥੇ ਮੂਵ ਹੋਇਆ ਤਾਂ ਮੈਂ ਡਾ. ਸਵਰਨ ਚੰਦਨ ਨਾਲ ਰਲ਼ ਕੇ ਪੰਜਾਬੀ ਲੇਖਕ ਸਭਾ, ਸਾਊਥਾਲ ਖੜੀ ਕੀਤੀ। ਅਸੀਂ ਦੋਸਤਾਂ ਨੂੰ ਨਾਲ ਲੈ ਕੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ। ਫਿਰ ਜਦ ਅਸੀਂ ਪਰਚਾ 'ਸ਼ਬਦ' ਕੱਢਿਆ ਤਾਂ ਅਸੀਂ ਕੁਝ ਦੋਸਤਾਂ ਨੇ ਰਲ਼ ਕੇ 'ਅਦਾਰਾ ਸ਼ਬਦ' ਨਾਂ ਦੀ ਸੰਸਥਾ ਬਣਾ ਲਈ। ਸਵਰਨ ਚੰਦਨ ਵੁਲਵੁਰਹੈਂਪਨ ਜਾ ਵਸਿਆ ਸੀ। ਅਸੀਂ 'ਅਦਾਰਾ ਸ਼ਬਦ' ਵਲੋਂ ਪਿਛਲੇ ਪੰਦਰਾਂ ਕੁ ਸਾਲ ਤੋਂ ਬਹੁਤ ਹੀ ਕਾਮਯਾਬ ਸਮਾਗਮ ਰਚਾਉਂਦੇ ਆ ਰਹੇ ਹਾਂ। ਸਾਡੇ ਸਮਾਗਮਾਂ ਵਿਚ ਲਗਭਗ ਇਸ ਮੁਲਕ ਵਿਚ ਵਸਦਾ ਹਰ ਨਾਮੀ ਲੇਖਕ ਪੁਜਦਾ ਹੈ। ਇਵੇਂ ਹੀ ਹੁਣ ਸਲੋਹ ਵਿਚ ਵੀ ਦਰਸ਼ਨ ਢਿਲੋਂ ਤੇ ਮਹਿੰਦਰਪਾਲ ਵਲੋਂ ਬਣਾਈ ਸਭਾ ਸਰਗਰਮ ਹੈ। ਹਰ ਸਾਲ ਪ੍ਰੋਗਰਾਮ ਕਰਾਉਂਦੇ ਹਨ। ਸਾਊਥਾਲ ਵਿਚ ਹੀ ਸ਼ੇਖਰ, ਰਜਿੰਦਰਜੀਤ ਵਰਗੇ ਸ਼ਾਇਰਾਂ ਨੇ ਵੀ ਇਕ ਨਵੀਂ ਸਭਾ ਖੜੀ ਕੀਤੀ ਹੈ ਜੋ ਕੁਝ ਸਾਲਾਂ ਤੋਂ ਬਹੁਤ ਹੀ ਸਰਗਰਮ ਹੈ। ਇਵੇਂ ਹੀ ਕੰਵੈਂਟਰੀ ਦੀ ਲੇਖਕ ਸਭਾ ਵੀ ਪਿਛਲੇ ਦਸ ਸਾਲ ਤੋਂ ਨਿਰੰਤਰ ਸਾਹਿਤਕ ਪ੍ਰੋਗਰਾਮ ਪੂਰੀ ਸਫਲਤਾ ਨਾਲ ਕਰਵਾਉਂਦੀ ਆ ਰਹੀ ਹੈ ਤੇ ਨੌਟੀਘੰਮ ਵਿਚ ਵੀ ਲੇਖਕ ਸਰਗਰਮ ਹਨ। ਇਹ ਸਾਰੀਆਂ ਸਭਾਵਾਂ ਪ੍ਰਗਤੀਸ਼ੀਲ ਨਾਂ ਵਰਤਣ ਤੋਂ ਬਿਨਾਂ ਵੀ ਵਧੀਆ ਕੰਮ ਕਰਦੀਆਂ ਆ ਰਹੀਆਂ ਹਨ। ਇਹਨਾਂ ਸਾਲਾਂ ਵਿਚ ਪ੍ਰਗਤੀਸ਼ੀਲ ਨਾਂ ਵਾਲੀਆਂ ਲੇਖਕ ਸਭਾਵਾਂ ਲਗਭਗ ਚੁੱਪ ਜਿਹੀਆਂ ਰਹੀਆਂ ਹਨ। ਇਹਨਾਂ ਸਭਾਵਾਂ ਦੇ ਬਹੁਤੇ ਮੈਂਬਰ ਵੀ ਸਾਹਿਤਕ ਪਰਦੇ ਤੋਂ ਗੈਰਹਾਜ਼ਰ ਰਹੇ ਹਨ। ਇਹ ਕੁਦਰਤੀ ਸੀ। ਵਕਤ ਦੇ ਨਾਲ ਸਭ ਕੁਝ ਬਦਲਦਾ ਹੈ। ਲੇਖਕ ਸਾਰੀ ਉਮਰ ਇਕੋ ਸ਼ਿਦਤ ਨਾਲ ਨਹੀਂ ਲਿਖ ਸਕਦਾ। ਸਭਾਵਾਂ ਦੇ ਪ੍ਰਬੰਧਕ ਵੀ ਸਦਾ ਇਕੋ ਜਿਹੇ ਸਰਗਰਮ ਨਹੀਂ ਰਹਿ ਸਕਦੇ। ਅਚਾਨਕ ਪਤਾ ਨਹੀਂ ਕੀ ਹੋਇਆ ਚਾਲੀ ਸਾਲ ਪਹਿਲਾਂ ਖੜੀਆਂ ਕੀਤੀਆਂ ਲਿਖਾਰੀ ਸਭਾਵਾਂ ਦੇ ਖੁੰਢੇ ਹੋ ਚੁੱਕੇ ਲੇਖਕਾਂ ਵਿਚ ਉਬਾਲ਼ ਆਇਆ ਤੇ ਉਹ ਮੁੜ ਕੇ ਇਹਨਾਂ ਸਭਾਵਾਂ ਨੂੰ ਸੁਰਜੀਤ ਕਰਨ ਤੁਰ ਪਏ। ਇੰਨਾ ਕੁਝ ਬਦਲ ਗਿਆ ਹੈ ਪਰ ਉਹ 'ਪ੍ਰਗਤੀਸ਼ੀਲ' ਸ਼ਬਦ ਦੇ ਫੋਬੀਏ ਵਿਚੋਂ ਬਾਹਰ ਹੀ ਨਹੀਂ ਨਿਕਲ ਸਕੇ। ਅਜਕਲ ਪਝੱਤਰ ਸਾਲ ਪਹਿਲਾਂ ਬਣੀ ਇਸੇ ਨਾਂ ਦੀ ਸਭਾ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਲੋਕ ਜੋ ਅਜ ਤੋਂ ਚਾਲੀ ਜਾਂ ਪਝੱਤਰ ਸਾਲ ਪਿਛੇ ਵਲ ਝਾਕ ਰਹੇ ਹਨ, ਜਾਂ ਓਥੇ ਖੜਨਾ ਪਸੰਦ ਕਰਦੇ ਹਨ, ਕੀ ਹਰ ਖੇਤਰ ਵਿਚ ਹੋਈ ਤਰੱਕੀ ਤੋਂ ਵਾਕਫ ਹਨ। ਬਹੁਤ ਕੁਝ ਬਦਲਿਆ ਹੈ। ਬੰਦਾ ਬਦਲਿਆ ਹੈ, ਸਮਾਜ ਬਦਲਿਆ ਹੈ, ਕਦਰਾਂ ਕੀਮਤਾਂ ਬਦਲੀਆਂ ਹਨ। ਲੇਖਕ ਬਦਲਿਆ ਹੈ। ਪਾਠਕ ਬਦਲਿਆ ਹੈ। ਕਾਗਜ਼-ਕਲਮ ਦੀ ਅਹਿਮੀਅਤ ਘਟ ਗਈ ਹੈ। ਮੇਰੇ ਕੋਲ ਰਿੰਮਾਂ ਦੇ ਰਿੰਮ ਕਾਗਜ਼ਾਂ ਦੇ ਪਏ ਹੁੰਦੇ ਸਨ ਤੇ ਪੈੱਨ ਖਰੀਦਣ ਲਈ ਮੈਂ ਵਿਸ਼ੇਸ਼ ਸ਼ੌਪਿੰਗ ਕਰਨ ਜਾਇਆ ਕਰਦਾ ਸਾਂ। ਹੁਣ ਮੈਨੂੰ ਸਿਰਫ ਪਰਿੰਟਰ ਦੀ ਸ਼ਿਆਹੀ ਚਾਹੀਦੀ ਹੈ ਤੇ ਪਰਿੰਟ ਕਰਨ ਸਮੇਂ ਕੁਝ ਪੇਪਰ। ਪੈਨ ਹੁਣ ਮੈਂ ਸਿਰਫ ਦਸਤਖਤ ਕਰਨ ਲਈ ਵਰਤਦਾ ਹਾਂ। ਲਿਖਣ ਦਾ ਢੰਗ ਬਦਲਿਆ ਹੈ। ਜਿਸ ਨਾਵਲ ਨੂੰ ਮੈਂ ਚਾਰ-ਪੰਜ ਵਾਰ ਵਾਰ ਲਿਖਿਆ ਕਰਦਾ ਸਾਂ ਤੇ ਹੋਰ ਸੋਧਣ ਤੋਂ ਡਰ ਲਗਦਾ ਰਹਿੰਦਾ ਸੀ, ਉਸ ਨੂੰ ਹੁਣ ਸਿਰਫ ਇਕ ਵਾਰ ਵਿਚ ਹੀ ਲਿਖ ਸਕਦਾ ਹਾਂ ਤੇ ਫਿਰ ਉਸੇ ਨੂੰ ਭਾਵੇਂ ਪੰਜਾਹ ਵਾਰੀ ਸੋਧ ਲਿਆ ਜਾਵੇ। ਇਵੇਂ ਹੀ ਪੜ੍ਹਨ ਲਈ ਵੀ ਈਬੁੱਕਾਂ ਆ ਗਈਆਂ ਹਨ। ਇਹ ਪਝੱਤਰ ਸਾਲ ਦੀ ਜਾਂ ਚਾਲੀ ਸਾਲ ਦੀ ਵੱਡੀ ਛਾਲ ਨੂੰ ਇਹਨਾਂ ਦੋਸਤਾਂ ਨੂੰ ਮੱਦੇ ਨਜ਼ਰ ਰੱਖਣਾ ਪਵੇਗਾ। ਸਮੇਂ ਦੇ ਹਾਣ ਦੇ ਹੋਣ ਲਈ ਦੌੜਨਾ ਪਵੇਗਾ। ਸਿਰਫ ਨਾਂ ਨੂੰ ਚਲਦਾ ਰਖਣਾ ਹੀ ਕਾਫੀ ਨਹੀਂ ਹੈ ਹੋਰ ਵੀ ਬਹੁਤ ਕੁਝ ਹੈ ਕਰਨ ਵਾਲਾ।
ਇਹਨਾਂ ਸਭਾਵਾਂ ਨੂੰ ਮੁੜ ਸੁਰਜੀਤ ਕਰਨ ਵਾਲਿਆਂ ਵਿਚੋਂ ਅਵਤਾਰ ਸਾਦਿਕ ਵੀ ਹੈ। ਉਹ ਖੱਬੀ ਧਿਰ ਦੀ ਸਿਆਸਤ ਦਾ ਇਮਾਨਦਾਰ ਸਿਪਾਹੀ ਹੈ। ਕਵੀ ਵੀ ਹੈ। ਪਿਛਲੇ ਦਿਨੀਂ ਸਲੋਹ ਵਿਚ ਹੋਏ ਸਮਾਗਮ ਵਿਚ ਉਹਨਾਂ ਨੇ ਕਿਹਾ ਕਿ ਲੇਖਕ ਨੂੰ ਸਿਆਸਤ ਨਾਲ ਜੁੜੇ ਹੋਣਾ ਚਾਹੀਦਾ ਹੈ। ਮੇਰੀ ਇਹ ਸ਼ੰਕਾ ਉਹਨਾਂ ਦੇ ਇਸ ਬਿਆਨ ਵਿਚੋਂ ਹੀ ਨਿਕਲਦੀ ਹੈ ਕਿ ਉਹ ਇਸ ਚਾਲੀ ਸਾਲ ਦੀ ਛਾਲ ਤੋਂ ਵਾਕਫ ਵੀ ਹਨ ਕਿ ਨਹੀਂ। ਉਹ ਇਹੋ ਸਮਝੀ ਬੈਠੇ ਹਨ ਕਿ ਸਿਰਫ ਉਹ ਹੀ ਸਿਆਸਤ ਨਾਲ ਜੁੜੇ ਹੋਏ ਹਨ। ਬਾਕੀ ਲੇਖਕਾਂ ਨੂੰ ਇਸ ਦੁਨੀਆਂ ਦਾ ਕੁਝ ਵੀ ਨਹੀਂ ਪਤਾ। ਉਹ ਭੁਲਦੇ ਹਨ ਕਿ ਹਰ ਲੇਖਕ ਸਿਆਸਤ ਨਾਲ ਜੁੜਿਆ ਹੁੰਦਾ ਹੈ। ਜੇ ਲੇਖਕ ਸਿਆਸਤ ਨੂੰ ਨਹੀਂ ਸਮਝੇਗਾ ਤਾਂ ਲਿਖੇਗਾ ਕੀ? ਜੇ ਲੇਖਕ ਖੁਲ੍ਹੀ ਅੱਖ ਨਾਲ ਨਹੀਂ ਤੁਰੇਗਾ ਤਾਂ ਉਹ ਦੇਖੇਗਾ ਕੀ? ਜੋ ਕੁਝ ਉਸ ਦੇ ਆਲੇ ਦੁਆਲੇ ਵਾਪਰ ਰਿਹਾ ਹੈ ਜੇ ਉਸ ਦਾ ਮੁਤਾਲਿਆ ਨਹੀਂ ਕਰੇਗਾ ਤਾਂ ਉਹ ਪਾਠਕ ਨੂੰ ਕੀ ਦੇਵੇਗਾ। ਲੇਖਕ ਹਮੇਸ਼ਾ ਹੀ ਸਿਆਸੀ ਤੌਰ ਤੇ ਚੇਤੰਨ ਹੁੰਦਾ ਹੈ। ਦੂਜੀ ਗੱਲ ਇਹ ਕਿ ਲੇਖਕ ਹਮੇਸ਼ਾ ਹੀ ਮਨੱਖਵਾਦੀ ਹੁੰਦਾ ਹੈ। ਲੇਖਕ ਹਮੇਸ਼ਾ ਹੀ ਦੱਬੀ ਜਾ ਰਹੀ ਧਿਰ ਨਾਲ ਖੜਦਾ ਹੈ ਜੇ ਨਹੀਂ ਤਾਂ ਉਹ ਲੇਖਕ ਨਹੀਂ ਹੈ ਤੇ ਉਸ ਨੇ ਜੋ ਵੀ ਲਿਖਿਆ ਹੈ ਉਸ ਦਾ ਦੇਰ-ਸਵੇਰ ਅੰਤ ਹੋ ਹੀ ਜਾਣਾ ਹੁੰਦਾ ਹੈ। ਅਵਤਾਰ ਸਦਿਕ ਜੀ ਜਾਂ ਹੋਰ ਬਹੁਤ ਸਾਰੇ ਰਾਜਨੀਤਕ ਲੋਕ ਚਾਹੁੰਦੇ ਹਨ ਕਿ ਲੇਖਕ ਨਾਹਰਾ ਮਾਰੇ। ਨਾਹਰਾ ਹੋਰ ਚੀਜ਼ ਹੈ ਤੇ ਰਚਨਾ ਹੋਰ। ਨਾਹਰਾ ਆਮ ਤੌਰ ਤੇ ਭੀੜ ਲਈ ਹੁੰਦਾ ਹੈ। ਭੀੜ ਲੰਘੀ ਨਹੀਂ ਤੇ ਨਾਹਰਾ ਗਾਇਬ। ਸਾਹਿਤ ਨੇ ਲੰਮਾ ਸਮਾਂ ਰਹਿਣਾ ਹੁੰਦਾ ਹੈ। ਲੇਖਕ ਨੂੰ ਆਪਣੇ ਰਾਜਨੀਤਕ ਵਿਚਾਰ ਦੇਣ ਦੀ ਲੋੜ ਨਹੀਂ ਹੁੰਦੀ। ਉਸ ਦੀ ਵਿਚਾਰਧਾਰਾ ਦੇ ਛਿੱਟੇ ਉਸ ਦੀ ਰਚਨਾ ਵਿਚ ਹੁੰਦੇ ਹਨ। ਲੇਖਕ ਦੀ ਵਿਚਾਰਧਾਰਾ ਰਚਨਾ ਵਿਚ ਇਵੇਂ ਹੁੰਦੇ ਹੈ ਜਿਵੇਂ ਪੌਦੇ ਵਿਚ ਪਾਣੀ। ਉਹ ਦਿਸਦੀ ਨਹੀਂ ਪਰ ਲਿਖਤ ਦੀ ਜਾਨ ਹੁੰਦੀ ਹੈ। ਲੇਖਕ ਨੇ ਆਪਣਾ ਸੁਨੇਹਾ ਵੀ ਅਸਿੱਧੇ ਢੰਗ ਨਾਲ ਦੇਣਾ ਹੁੰਦਾ ਹੈ ਨਹੀਂ ਤਾਂ ਉਸ ਦੀ ਰਚਨਾ ਦਾ ਨਾਹਰੇ ਵਾਂਗ ਹੀ ਅੰਤ ਹੋ ਜਾਵੇਗਾ। ਲੇਖਕ ਮਸਲੇ ਨੂੰ ਚੰਗੀ ਤਰ੍ਹਾਂ ਤਾਂ ਹੀ ਸਮਝੇਗਾ ਜੇ ਉਸ ਕੋਲ ਕੋਈ ਸਮਝ, ਕੋਈ ਵਿਚਾਰ ਹੋਵੇਗਾ, ਮਸਲੇ ਨੂੰ ਦੇਖਣ ਵਾਲੀ ਅੱਖ ਹੋਵੇਗੀ। ਬੰਦ ਕਮਰੇ ਵਿਚ ਬੈਠ ਕੇ ਤਾਂ ਕੋਈ ਲੇਖਕ ਬਣ ਨਹੀਂ ਸਕਦਾ। ਹਾਂ, ਲੇਖਕ ਨੇ ਮਸਲੇ ਉਪਰ ਉਂਗਲ ਰੱਖਣੀ ਹੁੰਦੀ ਹੈ ਉਸ ਨੇ ਮਸਲੇ ਦਾ ਹੱਲ ਨਹੀਂ ਦੇਣਾ ਹੁੰਦਾ।