Wednesday 29 September 2010

ਜ਼ਰਾ ਕੁ ਗੈਰਹਾਜ਼ਰੀ

ਮੇਰੀ ਇਕ ਸਮੱਸਿਆ ਹੈ ਕਿ ਇਕ ਸਮੇਂ ਇਕ ਕੰਮ ਹੀ ਕਰ ਹੁੰਦਾ ਹੈ ਖਾਸ ਕਰਕੇ ਪੜ੍ਹਨ ਲਿਖਣ ਦਾ ਕੰਮ। ਜੇ ਕੁਝ ਲਿਖ ਰਿਹਾ ਹਾਂ ਤਾਂ ਓਨਾ ਚਿਰ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਸ਼ੁਰੂ ਕੀਤੇ ਨੂੰ ਮੁਕਾ ਨਹੀਂ ਲੈਂਦਾ ਤੇ ਇਸ ਦੁਰਮਿਆਨ ਈਮੇਲ ਤਕ ਕਰਨੀ ਮੁਸ਼ਕਲ ਹੋ ਜਾਂਦੀ ਹੈ। ਇਹੋ ਕਾਰਨ ਹੈ ਕਿ ਅਜਕਲ ਮੈਂ ਬਹੁਤਾ ਪੜ੍ਹ ਨਹੀਂ ਪਾ ਰਿਹਾ। ਮੇਰੀ ਬੁੱਕ ਸ਼ੈਲਫ ਤੇ ਦੋ ਕਿਤਾਬਾਂ ਮੇਰੇ ਖਾਸ ਦੋਸਤਾਂ ਦੀਆਂ ਪਈਆਂ ਹਨ ਜਿਹਨਾਂ ਨੂੰ ਜਲਦੀ ਪੜ੍ਹਨਾ ਜ਼ਰੂਰੀ ਸੀ ਪਰ ਹਾਲੇ ਤਕ ਖੋਹਲ ਕੇ ਵੀ ਨਹੀਂ ਦੇਖਿਆ। ਕੁਝ ਹੋਰ ਵੀ, ਇਵੇਂ ਹੀ ਕੁਝ ਮੈਗਜ਼ੀਨ ਵੀ। ਮੈਂ ਜਿਸ ਵਿਸ਼ੇ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕੁਝ ਮੁਸ਼ਕਲ ਹੈ, ਇਤਹਾਸਕ ਜਿਉਂ ਹੋਇਆ। ਸਧਾਰਣ ਫਿਕਸ਼ਨ ਲਿਖਣੀ ਸੌਖੀ ਹੈ ਪਰ ਇਤਹਾਸਕ ਬਹੁਤ ਔਖੀ। ਇਤਹਾਸ ਕਦੇ ਵੀ ਨਿਰਪੱਖ ਨਹੀਂ ਹੁੰਦਾ। ਇਹ ਸਮੇਂ ਦੇ ਹੁਕਮਰਾਨਾਂ ਦਾ ਪੱਖ ਪੂਰਿਆ ਕਰਦਾ ਹੈ। ਰਾਜੇ ਮਹਾਂਰਾਜੇ ਤੇ ਅਜ ਕਲ ਦੇ ਨੇਤਾ ਲੋਕ ਵੀ ਇਤਹਾਸਕਾਰਾਂ ਨੂੰ ਆਪਣੇ ਨਾਲ ਲਈ ਫਿਰਦੇ ਹਨ ਤੇ ਮਨਮਰਜ਼ੀ ਦਾ ਲਿਖਵਾਉਂਦੇ ਹਨ। ਬਹੁਤੇ ਲੋਕਾਂ ਨੂੰ ਯਾਦ ਹੋਵੇਗਾ ਕਿ ਇੰਦਰਾ ਗਾਂਧੀ ਨੇ ਆਪਣੇ ਸਮੇਂ ਇਕ ਟਾਈਮ ਬੰਬ ਦੱਬਿਆ ਸੀ ਜਿਸ ਵਿਚ ਉਸ ਦੀ ਸਰਕਾਰ ਦੇ ਗੁਣ ਗਾਏ ਹੋਏ ਸਨ ਕਿ ਸੌ ਸਾਲ ਬਾਅਦ ਜੋ ਵੀ ਇਸ ਨੂੰ ਪੜੇਗਾ ਉਹ ਇੰਦਰਾ ਗਾਂਧੀ ਨੂੰ ਮਹਾਂ ਨਾਇਕਾ ਸਮਝਣ ਲਗੇਗਾ। ਭਾਵੇਂ ਮੁਰਾਰਜੀ ਸਰਕਾਰ ਨੇ ਆ ਕੇ ਉਹ ਟਾਈਮ ਬੰਬ ਪੁੱਟ ਮਾਰ ਸਨ ਪਰ ਇਹ ਕਿਸੇ ਤਾਕਤਵਰ ਸਰਕਾਰ ਦੀ ਚਾਹਤ ਹੁੰਦੀ ਹੈ ਕਿ ਲੋਕ ਉਸ ਨੂੰ ਚੰਗੇ ਲਫਜ਼ਾਂ ਵਿਚ ਯਾਦ ਕਰਨ। ਇਵੇਂ ਇਤਹਾਸ ਦੇ ਬਹੁਤ ਸਾਰੇ ਹੀਰੋ ਅਣਗੌਲ਼ੇ ਜਾਂਦੇ ਹਨ। ਕਈਆਂ ਦਾ ਪਤਾ ਵੀ ਨਹੀਂ ਚਲਦਾ ਕਿ ਉਹ ਹੋਏ ਵੀ ਹਨ ਕਿ ਨਹੀਂ। ਖੈਰ, ਮੇਰਾ ਵਾਹ ਇਸ ਸਭ ਤੋਂ ਕਿਸੇ ਦੂਰ ਦੀ ਗੱਲ ਨਾਲ ਪਿਆ ਹੋਇਆ ਸੀ। ਮੈਂ ਇਤਹਾਸ ਦੇ ਇਕ ਚੈਪਟਰ ਨੂੰ ਪੜ੍ਹਨ ਦੀ ਕੋਸ਼ਿਸ਼ ਵਿਚ ਹਾਂ। ਵੈਸੇ ਤਾਂ ਮੇਰੇ ਸਾਹਮਣੇ ਚਾਰ ਚੈਪਟਰ ਹਨਃ ਇਕ ੧੬੦੦ ਈਸਵੀ ਤੋਂ ਲੈ ਕੇ ੧੮੫੦ ਤਕ, ਦੂਜਾ ੧੮੫੦ ਤੋਂ ਲੈ ਕੇ ੧੯੦੦ ਤਕ। ਤੀਜਾ ੧੯੦੦ ਤੋਂ ਲੈ ਕੇ ੧੯੫੦ ਤਕ ਤੇ ਚੌਥਾ ੧੯੫੦ ਤੋਂ ਲੈ ਕੇ ਹੁਣ ਤਕ। ਮੇਰੇ ਲਈ ਵੱਡੀ ਮੁਸ਼ਕਲ ਪਹਿਲੇ ਦੋ ਚੈਪਟਰਾਂ ਦੀ ਹੈ। ਮੈਂ ਆਪਣਾ ਕੰਮ ਸੌਖਾ ਕਰਨ ਲਈ ੧੮੫੦ ਤੋਂ ਲੈ ਕੇ ੧੯੦੦ ਵਾਲਾ ਚੈਪਟਰ ਚੁਣ ਲਿਆ ਪਰ ਇਸ ਸਮੇਂ ਦੇ ਸੱਚ ਵਿਚ ਪੁੱਜਣਾ ਮੈਨੂੰ ਬਹੁਤ ਮੁਸ਼ਕਲ ਕੰਮ ਲਗ ਰਿਹਾ ਹੈ। ਇਸ ਸਮੇਂ ਦੇ ਇਤਹਾਸ ਵਿਚ ਪੁੱਜਣਾ ਔਖਾ ਨਹੀਂ ਪਰ ਮੈਂ ਸੱਚ ਵਿਚ ਪੁੱਜਣ ਦੇ ਯਤਨ ਵਿਚ ਹਾਂ। ਧਰਮ ਵੀ ਤੇ ਸਿਆਸਤ ਵੀ ਸੱਚ ਨੂੰ ਨਫਰਤ ਕਰਦੇ ਹਨ ਸੋ ਸਾਹਿਤ ਹੀ ਸਮਾਜ ਦਾ ਸ਼ੀਸ਼ਾ ਹੋ ਸਕਦਾ ਹੈ ਤੇ ਇਸ ਸਮੇਂ ਦਾ ਸਾਹਿਤ ਮਿਲ ਨਹੀਂ ਰਿਹਾ ਜਾਂ ਜੋ ਮੈਨੂੰ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ। ਖੈਰ ਯਤਨ ਜਾਰੀ ਹਨ, ਕਿਸੇ ਕੰਢੇ ਲਗਾਂ ਜਾਂ ਨਾ ਪਰ ਆਸ ਹੈ ਕਿ ਵਿਹਲਾ ਜਲਦੀ ਹੋ ਜਾਵਾਂਗਾ।
ਮਨ ਕਿੰਨਾ ਵੀ ਢਕਿਆ ਰਹੇ ਪਰ ਫੇਸਬੁੱਕ ਵਿਜ਼ਿਟ ਕਰਨ ਜੋਗਾ ਵਕਤ ਮਿਲ ਹੀ ਜਾਂਦਾ ਹੈ। ਮੈਨੂੰ ਲਗਦਾ ਹੈ ਕਿ ਫੇਸ ਬੁੱਕ ਇਕ ਦੂਜੇ ਦੀ ਪਿੱਠ ਖੁਰਕਣ ਦੀ ਆਦਤ ਨੂੰ ਗੂੜ੍ਹਾ ਕਰ ਰਹੀ ਹੈ। ਵੈਸੇ ਤਾਂ ਇਕ ਦੂਜੇ ਦੀ ਪਿੱਠ ਖੁਰਕਣ ਵਾਲੇ ਲੇਖਕ ਪੰਜਾਬੀ ਸਾਹਿਤ ਵਿਚ ਸਦਾ ਹੀ ਹਾਜ਼ਰ ਰਹੇ ਹਨ ਪਰ ਹੁਣ ਫੇਸ ਬੁੱਕ ਨਾਲ ਤਾਂ ਪਿੱਠ-ਖੁਰਕੀਆਂ ਦੀ ਇਕ ਪੀਹੜ੍ਹੀ ਪੈਦਾ ਹੋ ਰਹੀ ਹੈ। ਸ਼ਾਇਦ ਬਹੁਤ ਸਾਰੇ ਲੇਖਕਾਂ ਨੂੰ ਇਹ ਫੇਸ ਬੁੱਕ ਤੋਂ ਭਜਾ ਵੀ ਰਹੀ ਹੋਵੇ ਪਰ ਕੁਝ ਹੱਸ ਕੇ ਅਗੇ ਵੀ ਲੰਘ ਜਾਂਦੇ ਹੋਣਗੇ। ਹਰ ਨਵੀਂ ਖੋਜ ਦੇ ਦੋਨੋਂ ਹੀ ਪੱਖ ਹੁੰਦੇ ਹਨ। ਜੋ ਵੀ ਹੋਵੇ ਫੇਸ ਬੁੱਕ ਉਪਰ ਪੰਜਾਬੀ ਦੇ ਏਨੇ ਲੇਖਕ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਵਿਜ਼ਿਟ ਕਰ ਰਹੇ ਲੇਖਕ ਨਾਲ ਚੈਟ ਭਾਵੇਂ ਨਾ ਕਰ ਹੋਵੇ ਪਰ ਉਸ ਦੀ ਦੂਜੇ ਪਾਸੇ ਹਾਜ਼ਰੀ ਦਾ ਨਿੱਘ ਜਿਹਾ ਤਾਂ ਰਹਿੰਦਾ ਹੀ ਹੈ।