Thursday 21 April 2011

ਇੰਡੀਆ ਜਾਣ ਦਾ ਹੁਣ ਪਹਿਲਾਂ ਵਾਲਾ ਮਜ਼ਾ ਨਹੀਂ ਹੈ।

ਇੰਡੀਆ ਜਾਣ ਦਾ ਹੁਣ ਪਹਿਲਾਂ ਵਾਲਾ ਮਜ਼ਾ ਨਹੀਂ ਹੈ। ਕਦੇ ਵੇਲਾ ਸੀ ਕਿ ਕਈ ਸਾਲ ਬਾਅਦ ਜਾਈਦਾ ਸੀ ਤੇ ਜਾ ਕੇ ਲਗਦਾ ਸੀ ਕਿ ਵਾਕਿਆ ਹੀ ਅਸੀਂ ਆਪਣੇ ਦੇਰ ਤੋਂ ਵਿਛੜੇ ਹੋਏ ਮੁਲਕ ਆਏ ਹਾਂ। ਉਸ ਮੁਲਕ ਵਿਚ ਜਿਹੜਾ ਸਾਡਿਆਂ ਸੁਫਿਨਆਂ ਵਿਚ ਰੋਜ਼ ਆਇਆ ਕਰਦਾ ਹੈ। ਅੱਖਾਂ ਬੰਦ ਕਰੀਏ ਤਾਂ ਜਿਸ ਦੀ ਮਿੱਟੀ ਦੀ ਮਹਿਕ ਆਉਣ ਲਗਦੀ ਹੈ। ਬਲਦਾਂ ਦੀਆਂ ਟੱਲੀਆਂ ਕੰਨਾਂ ਵਿਚ ਵੱਜਣ ਲਗਦੀਆਂ ਹਨ। ਹੋਰ ਵੀ ਬਰੀਕ ਬਰੀਕ ਮਹਿਸੂਸਣਾਵਾਂ ਇੰਡੀਆ ਨਾਲ ਜੁੜੀਆਂ ਹੋਈਆਂ ਇਸ ਦਾ ਨਾਂ ਲੈਂਦੇ ਹੀ ਤੁਹਾਡੇ ਸਾਹਮਣੇ ਆ ਖੜਦੀਆਂ ਸਨ ਪਰ ਅਜਿਹਾ ਨਹੀਂ ਹੁੰਦਾ। ਹੁਣ ਇੰਡੀਆ ਜਾਣ ਬਾਰੇ ਕੋਈ ਫੀਲਿੰਗਜ਼ ਹੀ ਨਹੀਂ ਆਉਂਦੀ। ਇਵੇਂ ਜਾਪਦਾ ਹੈ ਕਿ ਜਿਵੇਂ ਸਭ ਕੁਝ ਬਹੁਤ ਹੀ ਸਾਧਾਰਣਤਾ ਜਿਹੀ ਨਾਲ ਵਾਪਰਦਾ ਜਾ ਰਿਹਾ ਹੈ। ਇਸ ਦੇ ਕਈ ਕਾਰਣ ਹਨ। ਸਭ ਤੋਂ ਵੱਡਾ ਕਾਰਣ ਤਾਂ ਹੈ ਕਿ ਅਗੇ ਅਸੀਂ ਪੰਜਾਂ ਸਾਲਾਂ ਜਾਂ ਇਸ ਤੋਂ ਵੀ ਵੱਧ ਸਮੇਂ ਬਾਅਦ ਜਾਇਆ ਕਰਦੇ ਸਾਂ। ਇੰਨੀ ਦੇਰ ਬਾਅਦ ਜਾਣ ਦਾ ਕਾਰਣ ਹੁੰਦਾ ਸੀ ਕਿ ਟਿਕਟਾਂ ਬਹੁਤ ਮਹਿੰਗੀਆਂ ਹੋਇਆ ਕਰਦੀਆਂ ਸਨ। ਮਜ਼ੇ ਦੀ ਗੱਲ ਇਹ ਹੈ ਕਿ ਹਵਾਈ ਟਿਕਟ ਦੀ ਜਿਹੜੀ ਕੀਮਤ ਅਜ ਤੋਂ ਵੀਹ ਪੱਚੀ ਸਾਲ ਪਹਿਲਾਂ ਸੀ ਲਗ ਭਗ ਉਹੋ ਹੀ ਅਜ ਹੈ। ਇਸ ਲਈ ਹੁਣ ਜਾਣਾ ਅਸਾਨ ਹੈ। ਬਹੁਤੇ ਲੋਕ ਸਹਿਜੇ ਹੀ ਸਾਲ ਵਿਚ ਇਕ ਚਕਰ ਮਾਰ ਲੈਂਦੇ ਹਨ। ਕਈ ਤਾਂ ਸਾਲ ਵਿਚ ਇਕ ਤੋਂ ਵਧ ਗੇੜੇ ਵੀ ਜਾ ਆਉਂਦੇ ਹਨ। ਦੂਜਾ ਹੁਣ ਨਵੀਂ ਟੈਕਨੌਲੋਜੀ ਨੇ ਲੋਕਾਂ ਨੂੰ ਏਨਾ ਨੇੜੇ ਕਰ ਦਿਤਾ ਹੈ ਕਿ ਇੰਡੀਆ ਕੰਪਿਊਟਰ ਉੁਪਰ ਸਾਖਸ਼ਾਤ ਦਿਸ ਪੈਂਦਾ ਹੈ। ਪੱਕਣ ਤੇ ਆਈਆਂ ਕਣਕਾਂ, ਅਵਾਰਾ ਫਿਰਦੇ ਕੁੱਤੇ, ਗਾਈਆਂ ਤੇ ਹੋਰ ਜਾਨਵਰ, ਧੂਆਂ ਛੱਡਦੀਆਂ ਬੱਸਾਂ, ਵਾਹਨਾਂ ਦੇ ਪੌਂ ਪੌਂ ਵਜਦੇ ਹਾਰਨ, ਬਜ਼ਾਰਾਂ ਦੀ ਭੀੜ ਤੇ ਹੋਰ ਸਭ ਜੋ ਸਾਨੂੰ ਇੰਡੀਆ ਗਿਆਂ ਨੂੰ ਚੰਗਾ ਜਾਂ ਅਮੇਜ਼ਿੰਗ ਲਗਦਾ ਹੈ। ਫੇਸ ਬੁੱਕ 'ਤੇ ਹੁੰਦੀਆਂ ਗੱਲਾਂ ਨੇ ਵੀ ਫਰਕ ਮਿਟਾ ਦਿਤੇ ਹਨ। ਵੀਡਿਓ ਫੋਨ ਬਗੈਰਾ ਨੇ ਵੀ ਦੁਨੀਆਂ ਬਹੁਤ ਛੋਟੀ ਕਰ ਦਿਤੀ ਹੈ। ਇੰਡੀਆ ਕੀ ਕਿਸੇ ਵੀ ਦੇਸ਼ ਵਿਚ ਇਵੇਂ ਗੱਲਬਾਤ ਕੀਤੀ ਜਾ ਸਕਦੀ ਹੈ ਜਿਵੇਂ ਆਹਮਣੇ ਸਾਹਮਣੇ ਬੈਠੇ ਹੋਵੋਂ। ਮੇਰਾ ਇੰਡੀਆ ਜਾਣ ਵਿਚ ਚਾਰਮ ਦੋਸਤਾਂ ਨੂੰ ਮਿਲਣ ਦਾ ਹੁੰਦਾ ਹੈ ਪਰ ਹੁਣ ਮੇਰੇ ਕਾਫੀ ਸਾਰੇ ਦੋਸਤ ਤਾਂ ਫੇਸ ਬੁੱਕ ਤੇ ਹੀ ਬੈਠੇ ਰਹਿੰਦੇ ਹਨ। ਹੁਣ ਮੇਰੀ ਇੰਡੀਆ ਜਾਣ ਦੀ ਤਾਂਘ ਉਦੋਂ ਜਾਗਦੀ ਹੈ ਜਦੋਂ ਮੇਰੀ ਨਵੀਂ ਕਿਤਾਬ ਛਪੇ ਕਿ ਇਸ ਨੂੰ ਇੰਡੀਆ ਦੇ ਦੋਸਤਾਂ ਵਿਚਕਾਰ ਰਿਲੀਜ਼ ਕੀਤਾ ਜਾਵੇ। ਵੈਸੇ ਤਾਂ ਵੀਡਿਓ ਕੰਨਫਰੰਸ ਰਾਹੀਂ ਦੁਨੀਆਂ ਭਰ ਦੇ ਲੇਖਕਾਂ ਸਾਹਮਣੇ ਕਿਤਾਬਾਂ ਰਿਲੀਜ਼ ਕਰਨ ਤੇ ਹੋਰ ਸੈਮੀਨਾਰ ਕਰਨ ਦੀ ਵਿਵਸਥਾ ਤਾਂ ਹੈ ਪਰ ਪੰਜਾਬੀ ਦੇ ਲੇਖਕਾਂ ਦਾ ਏਧਰ ਧਿਆਨ ਹਾਲੇ ਗਿਆ ਨਹੀਂ ਜਿਸ ਦਿਨ ਚਲੇ ਗਿਆ ਤਾਂ ਇੰਟਰਨੈਸ਼ਨਲ ਸਾਹਤਿਕ ਕੰਨਫਰੰਸਾਂ ਵੀ ਵੀਡਿਓ ਲਿੰਕ ਰਾਹੀਂ ਹੀ ਹੋਇਆ ਕਰਨਗੀਆਂ।

1 comment:

  1. ਤੁਸੀਂ ਠੀਕ ਕਿਹਾ, ਹੁਣ ਨਵੀਂ ਟੈਕਨੌਲੋਜੀ ਨੇ ਲੋਕਾਂ ਨੂੰ ਨੇੜੇ ਕਰ ਦਿੱਤਾ ਹੈ। ਦੂਰੀਆਂ ਘਟ ਗਈਆਂ ਹਨ। ਮੈਂਨੂੰ ਤੁਹਾਡਾ ਨਾਵਲ ਰੇਤ ਪੜਨ ਦਾ ਮੌਕਾ ਮਿਲਿਆ। ਇਹ ਨਾਵਲ ਮੈਂਨੂੰ ਬਹੁਤ ਵਧੀਆ ਲੱਗਿਆ। ਮੈਂ ਤੁਹਾਡੇ ਹੋਰ ਵੀ ਨਾਵਲ ਪੜਨ ਦੀ ਇਛੁੱਕ ਹਾਂ। ਮੈਂ ਆਪਣੇ ਬਲੌਗ ਤੇ ਰੇਤ ਦਾ ਰਿਵਿਊ ਲਿਖਿਆ ਹੈ।

    ReplyDelete