Thursday 8 September 2011

ਮੇਰਾ ਪਿੰਡ

ਮੇਰਾ ਪਿੰਡ ਇਥੇ ਜਦੋਂ ਮੈਂ 'ਮੇਰਾ ਪਿੰਡ' ਲਿਖ ਰਿਹਾ ਹਾਂ ਤਾਂ ਇਸ ਤੋਂ ਭਾਵ ਗਿਆਨੀ ਗੁਰਦਿਤ ਸਿੰਘ ਵਾਲਾ 'ਮੇਰਾ ਪਿੰਡ' ਨਹੀਂ ਹੈ। ਉੁਹ ਸੱਠ-ਸੱਤਰ ਸਾਲ ਜਾਂ ਇਸ ਤੋਂ ਵੀ ਪੁਰਾਣਾ ਪਿੰਡ ਸੀ। ਭਾਵੇਂ ਗਿਆਨੀ ਗੁਰਦਿਤ ਸਿੰਘ ਦੀ ਇਸ ਕਿਤਾਬ ਦੀ ਅਜ ਵੀ ਪਹਿਲਾਂ ਵਾਲੀ ਹੀ ਮਹਤੱਤਾ ਹੈ ਪਰ ਇਸ ਕਿਤਾਬ ਦਾ ਰਸ ਮਾਨਣ ਲਈ ਤੁਹਾਨੂੰ ਅਤੀਤ ਵਲ ਸਫਰ ਕਰਨਾ ਪਵੇਗਾ ਜਾਂ ਫਿਰ ਇਤਹਾਸ ਨੂੰ ਫੜਨ ਲਈ ਉਹ ਕਿਤਾਬ ਜ਼ਰੂਰੀ ਹੈ ਪਰ ਅਜ ਦੇ ਪਿੰਡ ਉਹ ਨਹੀਂ ਰਹੇ, ਬਹੁਤ ਬਦਲ ਗਏ ਹਨ। ਪਿੰਡਾਂ ਵਿਚ ਪਹਿਲਾਂ ਵਾਲੇ ਚੜ੍ਹਸ, ਹਲਟ, ਫਲ਼ੇ, ਬੌਲਦਾਂ ਦੀਆਂ ਟੱਲੀਆਂ, ਹਲ਼-ਸੁਹਾਗਾ ਬਗੈਰਾ ਕੁਝ ਨਹੀਂ ਲਭਦਾ। ਬੌਲਦ ਵੀ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੇ ਹਨ। ਜੱਟ ਚੜ੍ਹਸ ਖਿਚਦਾ ਗਾਇਆ ਕਰਦਾ ਸੀਃ 'ਬਾਰੇ ਨੂੰ ਬੋਕਾ ਲਾ ਦੇ ਓ', ਅਜ ਇਸ ਦੇ ਕਿਸੇ ਨੂੰ ਮਾਹਿਨੇ ਨਹੀਂ ਪਤਾ। ਮਾਹਿਨੇ ਪਤਾ ਕਰਨ ਦੀ ਲੋੜ ਵੀ ਨਹੀਂ ਕਿਉਂਕਿ ਜ਼ਿੰਦਗੀ ਪਹਿਲਾਂ ਜਿਹੀ ਨਹੀਂ ਰਹੀ। ਸਮੇਂ ਨਾਲ ਬਦਲਾਵ ਆਉਣਾ ਕੁਦਰਤੀ ਹੈ ਪਰ ਹੁਣ ਵਾਲਾ ਬਦਲਾਵ ਬਹੁਤ ਤੇਜ਼ੀ ਨਾਲ ਆਇਆ ਹੈ। ਮੈਂ ਆਪਣਾ ਪਿੰਡ ਚੌਤੀ ਸਾਲ ਪਹਿਲਾਂ ਛੱਡਿਆ ਸੀ। ਹਰ ਗੇੜੇ ਵਿਚ ਇਸ ਨੂੰ ਬਦਲਿਆ ਹੋਇਆ ਪਾਇਆ ਹੈਃ ਪਿੰਡ ਵਿਚ ਨਵੀਂਆਂ ਇਮਾਰਤਾਂ, ਨਵੀਆਂ ਦੁਕਾਨਾਂ, ਨਵੇਂ ਰੁੱਖ, ਨਵੇਂ ਲੋਕ, ਨਵੀਆਂ ਪੀੜ੍ਹੀਆਂ। ਪਿਛਲੇ ਤੀਹ-ਪੈਂਤੀ ਸਾਲ ਵਿਚ ਬਹੁਤ, ਬਹੁਤ ਕੁਝ ਬਦਲ ਗਿਆ ਹੈ। ਇਸ ਨਵੀਂ ਟੈਕਨੌਲੋਜੀ ਨੇ ਤਬਦੀਲੀ ਦੀ ਬਹੁਤ ਵੱਡੀ ਛਾਲ ਲਗਵਾ ਦਿਤੀ ਹੈ। ਹੁਣ ਪਿੰਡ ਉਹ ਪਿੰਡ ਨਹੀਂ ਰਹੇ। ਪਿਛਲੇ ਵੀਹ ਸਾਲ ਵਿਚ ਹਜ਼ਾਰਾਂ ਮੀਲ ਦੂਰ ਬੈਠਿਆਂ ਪਿੰਡ ਤੁਹਾਡੇ ਏਨੀ ਨੇੜੇ ਆ ਗਏ ਹਨ ਕਿ ਤੁਸੀਂ ਛੋਹ ਕੇ ਦੇਖ ਸਕਦੇ ਹੋ। ਬਹੁਤ ਸਾਰੇ ਦੋਸਤ ਜਾਣਦੇ ਹਨ ਕਿ ਮੇਰਾ ਪਿੰਡ ਫਰਾਲਾ ਹੈ। ਮੈਂ ਆਪਣੇ ਪਿੰਡ ਬਾਰੇ ਬਹੁਤਾ ਕੁਝ ਨਹੀਂ ਕਹਿਣਾ ਕਿਉਂਕਿ ਇਹ ਮੇਰੀ ਜਨਮ ਭੂਮੀ ਹੈ ਤੇ ਜਨਮ ਭੂਮੀ ਨਾਲ ਮੁਹੱਬਤ ਤੋਂ ਸੁੱਚੀ ਮੁਹੱਬਤ ਕੋਈ ਨਹੀਂ ਹੁੰਦੀ। ਜਦ ਮੈਂ ੳ ਅ ਸਿਖਿਆ ਸੀ ਤਾਂ ਸਭ ਤੋਂ ਪਹਿਲਾਂ ਆਪਣਾ ਨਾਂ ਲਿਖਣਾ ਸਿਖਿਆ ਤੇ ਫੇਰ ਆਪਣੇ ਪਿੰਡ ਦਾ ਨਾਂ। ਬਾਹਰ ਆ ਕੇ ਵੀ ਹਰ ਵੇਲੇ ਧਿਆਨ ਆਪਣੇ ਪਿੰਡ ਵਲ ਹੀ ਰਿਹਾ। ਆਪਣੇ ਪਿੰਡੋਂ ਆਉਂਦੀ ਹਵਾ ਨੂੰ ਸੰਬੋਧਨ ਹੋ ਕੇ ਪਹਿਲੀਆਂ ਵਿਚ ਕੁਝ ਕਵਿਤਾਵਾਂ ਵੀ ਲਿਖੀਆਂ। ਪਹਿਲਿਆਂ ਵਿਚ ਪਿੰਡ ਦਾ ਹੇਰਵਾ ਬਹੁਤ ਤੰਗ ਕਰਦਾ ਰਿਹਾ ਹੈ ਪਰ ਹੁਣ ਸਭ ਠੀਕ ਹੈ। ਨਵੀਂ ਟੈਕਨੌਲੋਜੀ ਨੇ ਮੇਰਾ ਪਿੰਡ ਏਨੇ ਨੇੜੇ ਲੈ ਆਂਦਾ ਹੈ ਕਿ ਮੈਂ ਪਿੰਡ ਨੂੰ ਕੰਪਿਊਟਰ ਉਪਰ ਪੂਰੀ ਤਰ੍ਹਾਂ ਦੇਖ ਸਕਦਾ ਹਾਂ। ਇੰਟਰਨੈੱਟ ਦੇ ਸ਼ੁਰੂ ਹੁੰਦਿਆਂ ਹੀ ਸਾਡੇ ਪਿੰਡ ਵਾਸੀਆਂ ਨੇ ਇੰਟਰਨੈੱਟ 'ਤੇ ਆਪਣੇ ਪਿੰਡ ਦੀ ਸਾਈਟ ਬਣਾ ਲਈ ਸੀਃ ਫਰਾਲਾ-ਨੈੱਟ। ਦੁਨੀਆਂ ਦੇ ਕੋਨੇ ਕੋਨੇ ਵਸਦੇ ਲੋਕ ਇਸ ਨਾਲ ਜੁੜ ਗਏ। ਡਾ. ਦਲਬੀਰ ਪੰਨੂ ਨੇ ਸਾਰੇ ਪਿੰਡ ਬਾਰੇ ਜਾਣਕਾਰੀ, ਤਸਵੀਰਾਂ, ਵੀਡਿਓ ਇਥੇ ਚਾੜ ਦਿਤੇ। ਜਿਹਨਾਂ ਨੂੰ ਦੇਖ ਦੇਖ ਕੇ ਫਰਾਲਾ ਵਾਸੀ ਤੇ ਫਰਾਲਾ ਵਾਸੀਆਂ ਦੇ ਰਿਸ਼ਤੇਦਾਰ ਵੀ ਖੁਸ਼ ਹੁੰਦੇ। ਡਾ. ਦਲਬੀਰ ਪੰਨੂ ਨੇ ਪਿੰਡ ਦੇ ਵੱਖ ਵੱਖ ਕੋਨਿਆਂ ਤੋਂ ਵੀਡਿਓ ਬਣਾ ਕੇ ਯੂਟਿਊਬ ਵਿਚ ਪਾਏ। ਇਹ ਵੀਡਿਓ ਏਨੇ ਮਕਬੂਲ ਹੋਏ ਕਿ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਦੇਖੇ ਗਏ, ਭਾਵ ਕਿ ਫਰਾਲੇ ਨੂੰ ਨਵੀਂ ਟੈਕਨੌਲੋਜੀ ਰਾਹੀਂ ਲਖਾਂ ਲੋਕਾਂ ਨੇ ਦੇਖਿਆ। ਨਵੀਂ ਟੈਕਨੌਲੋਜੀ ਬਿਨਾਂ ਇਹ ਸੰਭਵ ਨਹੀ ਸੀ। ਫਿਰ ਟੈਕਨੌਲੋਜੀ ਹੋਰ ਅਗੇ ਵਧੀ ਤਾਂ ਫੇਸਬੁੱਕ ਆ ਗਈ। ਫੇਸਬੁੱਕ ਉਪਰ ਫਰਾਲਾ ਵਾਸੀਆਂ ਦਾ ਇਕ ਗੁਰੱਪ ਬਣ ਗਿਆ ਜਿਸ ਨੇ ਫਰਾਲੇ ਨੂੰ ਹੋਰ ਵੀ ਨੇੜੇ ਲੈ ਆਂਦਾ, ਜਿਵੇਂ ਮੈਂ ਕਿਹਾ ਕਿ ਛੂਹ ਸਕਣ ਜਿੰਨਾ ਨੇੜੇ। ਹੁਣ ਡਾ. ਪੰਨੂ ਨਾਲ ਪਿੰਡ ਦੇ ਹੋਰ ਨੌਜਵਾਨ ਵੀ ਜੁੜ ਗਏ ਹਨ। ਰਮਨ ਸੰਗਰ ਨੇ ਪਿੰਡ ਦੀਆਂ ਗਲੀਆਂ ਵਿਚ ਕੈਮਰਾ ਇਵੇਂ ਫੇਰਿਆ ਹੈ ਕਿ ਵੀਡਿਓ ਦੇਖ ਕੇ ਤੁਹਾਨੂੰ ਜਾਪਦਾ ਹੈ ਕਿ ਪਿੰਡ ਦੀਆਂ ਗਲੀਆਂ ਦਾ ਗੇੜਾ ਕੱਢ ਲਿਆ ਹੈ। ਕਿਉਂਕਿ ਇਹ ਇਸ ਟੈਕਨੌਲੋਜੀ ਉੁਪਰ ਨੌਜਵਾਨਾਂ ਨੂੰ ਹੀ ਮੁਹਾਰਤ ਹਾਸਲ ਹੈ ਇਸ ਲਈ ਕੰਮ ਵੀ ਜ਼ਿਆਦਾ ਹੋ ਰਿਹਾ ਹੈ। ਭਾਵੇਂ ਫੇਸਬੁੱਕ ਉਪਰ ਇਸ ਗਰੁੱਪ ਦੇ ਮੈਂਬਰ ਤਿੰਨ ਕੁ ਸੌ ਹੀ ਹਨ ਪਰ ਇਸ ਨੂੰ ਦੇਖਦੇ ਅਣਗਿਣਤ ਲੋਕ ਹਨ। ਹੁਣ ਇਸ ਗਰੁੱਪ ਰਾਹੀਂ ਤੁਸੀਂ ਸਾਰੇ ਪਿੰਡ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਦੇਖ ਸਕਦੇ ਹੋ। ਪਿੰਡ ਵਿਚ ਕੋਈ ਮੇਲਾ ਹੋਵੇ, ਕੋਈ ਹੋਰ ਫੰਕਸ਼ਨ ਹੋਵੇ ਇਕ ਦਮ ਫੇਸਬੁੱਕ ਉਪਰ ਚਾੜ ਦਿਤਾ ਜਾਂਦਾ ਹੈ। ਪਿੰਡ ਦੇ ਪੁਰਾਣੇ ਵੀਡਿਓ ਤੇ ਤਸਵੀਰਾਂ ਵੀ ਇਥੇ ਉਪਲਭਧ ਹਨ। ਪਿੰਡ ਦੇ ਲੋਕਾਂ ਨਾਲ ਤਾਜ਼ੀਆਂ ਕੀਤੀਆਂ ਇੰਟਰਵਿਊ ਵੀ। ਪਿੰਡ ਦੀਆਂ ਛੋਟੀਆਂ ਮੋਟੀਆਂ ਖਬਰਾਂ ਦਾ ਅੱਖੀ ਡਿਠਾ ਹਾਲ ਵੀ ਤੁਸੀਂ ਕੁਝ ਮਿੰਟਾਂ ਵਿਚ ਦੇਖ ਸਕਦੇ ਹੋ। ਹੁਣ ਅਗੇ ਅਗੇ ਪਿੰਡ ਦੇ ਕੈਲੰਡਰ, ਪਿੰਡ ਦੇ ਨਾਂ 'ਤੇ ਟੀ ਸ਼ਰਟਾਂ ਜਾਂ ਪਤਾ ਨਹੀਂ ਹੋਰ ਕੀ ਕੀ ਕਰਨ ਦਾ ਏਹਨਾਂ ਨੌਜਵਾਨਾਂ ਦੇ ਪਲਾਨ ਹਨ। ਇਸ ਦਾ ਫਾਇਦਾ ਇਹ ਹੋ ਰਿਹਾ ਹੈ ਕਿ ਸਾਡੀ ਅਗਲੀ ਪੀੜ੍ਹੀ ਦੇ ਮਨਾਂ ਵਿਚ ਫਰਾਲੇ ਦਾ ਨਾਂ ਖੁਣਿਆਂ ਜਾ ਰਿਹਾ ਹੈ। ਇਸ ਨਵੀਂ ਟੈਕਨੌਲੋਜੀ ਕਾਰਨ ਅਸੀਂ ਫਰਾਲੀਏ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਸਵੇਰੇ ਸ਼ਾਮ ਪਿੰਡ ਦਾ ਗੇੜਾ ਮਾਰ ਲੈਂਦੇ ਹਾਂ। ਆਸ ਹੈ ਹੋਰ ਪਿੰਡਾਂ ਦੇ ਲੋਕ ਵੀ ਇਸੇ ਤਰ੍ਹਾਂ ਜੁੜੇ ਹੋਏ ਹੋਣਗੇ। ਜੇ ਨਹੀਂ ਤਾਂ ਜੁੜਨਾ ਚਾਹੀਦਾ ਹੈ। ਨਵੀਂ ਦੁਨੀਆਂ ਦਾ ਹਿੱਸਾ ਬਣਨਾ ਹੁਣ ਜ਼ਰੂਰੀ ਹੋ ਗਿਆ ਹੈ।

1 comment:

  1. I loved your novel "Ret". Wrote a review for it on my blog http://lifeasitlives.wordpress.com/2013/09/08/ret-a-review-of-punjabi-novel/

    ReplyDelete